ਸਰਬੱਤ ਕਾ ਭਲਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਸਰਬੱਤ ਕਾ ਭਲਾ: ਇਸ ਤੋਂ ਭਾਵ ਹੈ ਸਭ ਦਾ ਚੰਗਾ , ਤਮਾਮ ਦਾ ਭਲਾ। ਇਹ ਅਸਲ ਵਿਚ ਸਿੱਖਾਂ ਦੀ ਅਰਦਾਸ ਦੀ ਆਖੀਰਲੀ ਅਰਜ਼ੋਈ— ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਭਲਾ— ਦਾ ਅੰਤਿਮ ਭਾਗ ਹੈ। ਇਸ ਤੋਂ ਭਾਵ ਹੈ — ਹੇ ਨਾਨਕ! ਨਾਮ-ਸਿਮਰਨ ਨਾਲ ਮਾਨਸਿਕ ਸ਼ਕਤੀ ਉੱਨਤ ਹੁੰਦੀ ਹੈ (ਅਰਥਾਤ ਵਿਜਯਸ਼ਾਲਤਾ ਦੀ ਭਾਵਨਾ ਪੈਦਾ ਹੁੰਦੀ ਹੈ)। ਹੇ ਪ੍ਰਭੂ ! ਤੇਰੀ ਇੱਛਾ ਨਾਲ ਹੀ ਸਭ ਦਾ ਭਲਾ ਹੁੰਦਾ ਹੈ।

            ਇਹ ਉਕਤੀ ਕਿਸ ਦੀ ਰਚਨਾ ਹੈ ? ਇਸ ਬਾਰੇ ਕੋਈ ਜਾਣਕਾਰੀ ਉਪਲਬਧ ਨਹੀਂ ਹੈ। ਇਸ ਵਿਚ ‘ਨਾਨਕ ’ ਕਵੀ ਛਾਪ ਕਿਵੇਂ ਵਰਤੀ ਗਈ ਹੈ ? ਇਸ ਦੇ ਭੇਦ ਦਾ ਵੀ ਪਤਾ ਨਹੀਂ ਚਲਦਾ। ਇਸ ਦੀ ਵਰਤੋਂ ਅਰਦਾਸ ਵਿਚ ਕਦ ਤੋਂ ਹੋਣ ਲਗੀ ਹੈ? ਇਸ ਦਾ ਜਵਾਬ ਵੀ ਇਤਿਹਾਸ ਤੋਂ ਨਹੀਂ ਮਿਲਦਾ। ਹਾਂ, ਇਤਨਾ ਸਪੱਸ਼ਟ ਹੈ ਕਿ ਵਰਤਮਾਨ ਅਰਦਾਸ ਸਿੱਖ-ਮਿਸਲਾਂ ਦੇ ਸਮੇਂ ਕੀਤੀ ਜਾਣੀ ਸ਼ੁਰੂ ਹੋਈ ਅਤੇ ਇਸ ਦਾ ਆਕਾਰ ਇਤਿਹਾਸਿਕ ਘਟਨਾਵਾਂ ਦੇ ਪ੍ਰਸੰਗ ਵਿਚ ਵਧਦਾ ਗਿਆ। ਉਪਰੋਕਤ ਉਕਤੀ ਦੀ ਪਹਿਲੇ ਦਿਨ ਤੋਂ ਹੀ ਅਰਦਾਸ ਵਿਚ ਸ਼ਾਮਲ ਕਰ ਲਈ ਗਈ ਸੀ , ਜਾਂ ਬਾਦ ਵਿਚ ਕਿਸੇ ਨੇ ਜੋੜੀ ਹੈ ? ਇਸ ਬਾਰੇ ਹੁਣ ਤਸੱਲੀ ਨਾਲ ਕੁਝ ਨਹੀਂ ਕਿਹਾ ਜਾ ਸਕਦਾ। ਪਰ ਜਿਸ ਨੇ ਵੀ ਇਸ ਦੀ ਸਿਰਜਨਾ ਕਰਕੇ ਅਰਦਾਸ ਨਾਲ ਜੋੜਿਆ ਸੀ, ਨਿਸਚੈ ਹੀ ਉਸ ਦਾ ਬੌਧਿਕ ਸਤਰ ਬਹੁਤ ਉੱਚਾ ਸੀ।

            ਕਈ ਵਿਦਵਾਨ ਇਸ ਦਾ ਅਰਥ ਜਾਂ ਵਿਆਖਿਆ ਕਰਨ ਵੇਲੇ ਇਸ ਨੂੰ ਭਵਿਸ਼-ਵਾਚੀ ਬਣਾ ਦਿੰਦੇ ਹਨ। ਪਰ ਸਭ ਦਾ ਭਲਾ ਤਾਂ ਪ੍ਰਭੂ ਦੀ ਇੱਛਾ ਨਾਲ ਪਹਿਲਾਂ ਹੀ ਹੋ ਰਿਹਾ ਹੈ ਅਤੇ ਸਭ ਉਸ ਦੀ ਆਸ ਵਿਚ ਬੈਠੇ ਜੀਵਨ-ਬਤੀਤ ਕਰ ਰਹੇ ਹਨ— ਸਭੁ ਕੋ ਆਸੈ ਤੇਰੀ ਬੈਠਾ ਘਟ ਘਟ ਅੰਤਰਿ ਤੂੰ ਹੈ ਵੁਠਾ ਸਭ ਸਾਝੀਵਾਲ ਸਦਾਇਨਿ ਤੂੰ ਕਿਸੈ ਦਿਸਹਿ ਬਾਹਰਾ ਜੀਉ (ਗੁ.ਗ੍ਰੰ.97)।

            ਇਸ ਵਾਸਤੇ ਇਸ ਦਾ ਭਵਿਸ਼ਵਾਚੀ ਅਰਥ ਅਸੰਗਤ ਹੈ। ਉਂਜ ਸਿੱਖ ਧਰਮ ਵਿਚ ਮਾਨਵਤਾਵਾਦੀ ਬਿਰਤੀ ਬੜੀ ਪ੍ਰਬਲ ਹੈ। ਮਨੁੱਖ ਮਨੁੱਖ ਵਿਚ ਅੰਤਰ ਸਮਝਣਾ ਗੁਰਬਾਣੀ ਦੀਆਂ ਮਾਨਤਾਵਾਂ ਦਾ ਵਿਰੋਧ ਕਰਨਾ ਹੈ। ਅਸੀਂ ਸਭ ਇਕੋ ਪਿਤਾ ਦੇ ਬਾਲਕ ਹਾਂ— ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ (ਗੁ.ਗ੍ਰੰ.611)। ਗੁਰੂ ਨਾਨਕ ਦੇਵ ਜੀ ਨੇ ਜਾਤਿਵਾਦ ਦਾ ਸਪੱਸ਼ਟ ਖੰਡਨ ਕਰਦਿਆਂ ਕਿਹਾ ਹੈ — ਫਕੜ ਜਾਤਿ ਫਕੜੁ ਨਾਉ ਸਭਨਾ ਜੀਆ ਇਕਾ ਛਾਉ (ਗੁ.ਗ੍ਰੰ.83)।

            ਗੁਰੂ ਗੋਬਿੰਦ ਸਿੰਘ ਜੀ ਨੇ ‘ਅਕਾਲ ਉਸਤਤਿ ’ ਨਾਮਕ ਬਾਣੀ ਵਿਚ ਮਨੁੱਖਾਂ ਵਿਚ ਸਮਾਨਤਾ ਅਤੇ ਸਮ- ਭਾਵਨਾ ਨੂੰ ਬੜੇ ਸੁੰਦਰ ਢੰਗ ਨਾਲ ਪ੍ਰਗਟ ਕੀਤਾ ਹੈ— ਹਿੰਦੂ ਤੁਰਕ ਕੋਉ ਰਾਫਿਜੀ ਇਮਾਮ ਸਾਫੀ ਮਾਨਸ ਕੀ ਜਾਤਿ ਸਬੈ ਏਕੈ ਪਹਚਾਨਬੋ (85)। ਦੇਹੁਰਾ ਮਸੀਤ ਸੋਈ ਪੂਜਾ ਨਿਵਾਜ ਓਈ ਮਾਨਸ ਸਬੈ ਏਕ ਪੈ ਅਨੇਕ ਕੋ ਭ੍ਰਮਾਉ ਹੈ... ਏਕੈ ਨੈਨ ਏਕੈ ਕਾਨ ਏਕੈ ਦੇਹ ਏਕੈ ਬਾਨ ਖਾਕ ਬਾਦ ਆਤਿਸ ਆਬ ਕੋ ਰਲਾਉ ਹੈ (86) ਸਪੱਸ਼ਟ ਹੈ ਕਿ ਪਰਮਾਤਮਾ ਤਾਂ ਪਹਿਲਾਂ ਹੀ ਸਭ ਲਈ ਸਮਾਨ ਇੱਛਾ ਵਾਲਾ ਹੈ। ਹਉਮੈ , ਜਾਤਿਵਾਦ ਅਤੇ ਧਰਮ-ਵਖਰਤਾ ਤੋਂ ਹੀ ਭੇਦ-ਬੁੱਧੀ ਪੈਦਾ ਹੁੰਦੀ ਹੈ ਜਿਸ ਨੂੰ ਬਾਣੀ ਵਿਚ ਖ਼ਤਮ ਕਰਨ ਦੀ ਤਾਕੀਦ ਕੀਤੀ ਗਈ ਹੈ। ਇਸ ਲਈ ਇਥੇ ਜਿਗਿਆਸੂ ਦੀ ਮੰਗ ਨਹੀਂ, ਸਗੋਂ ਧੰਨਵਾਦ ਦੀ ਅਭਿਵਿਅਕਤੀ ਹੈ ਕਿ ਪਹਿਲਾਂ ਹੀ ਪ੍ਰਭੂ ਪਾਸ ਕਿਸੇ ਭੇਦ-ਬੁੱਧੀ ਦੀ ਕੋਈ ਗੁੰਜਾਇਸ਼ ਨਹੀਂ ਹੈ। ਸਭ ਦਾ ਭਲਾ ਆਪਣੇ ਆਪ ਹੋ ਰਿਹਾ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1682, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.